Aller au contenu principal

ਗ਼ਦਰ ਲਹਿਰ


ਗ਼ਦਰ ਲਹਿਰ


ਗ਼ਦਰ ਲਹਿਰ 20ਵੀਂ ਸਦੀ ਦੀ ਸ਼ੁਰੂਆਤੀ ਇੱਕ ਅੰਤਰਰਾਸ਼ਟਰੀ ਸਿਆਸੀ ਲਹਿਰ ਸੀ, ਜਿਸਦੀ ਸਥਾਪਨਾ ਪ੍ਰਵਾਸੀ ਭਾਰਤੀਆਂ ਦੁਆਰਾ ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਨੂੰ ਉਖਾੜ ਸੁੱਟਣ ਲਈ ਕੀਤੀ ਗਈ ਸੀ। ਸੋਹਣ ਸਿੰਘ ਭਕਨਾ ਸਮੇਤ ਗ਼ਦਰ ਪਾਰਟੀ ਦੇ ਬਹੁਤ ਸਾਰੇ ਸੰਸਥਾਪਕ ਅਤੇ ਆਗੂ ਬੱਬਰ ਅਕਾਲੀ ਲਹਿਰ ਵਿੱਚ ਸ਼ਾਮਲ ਹੋ ਜਾਣਗੇ ਅਤੇ ਇੱਕ ਪਾਰਟੀ ਦੇ ਰੂਪ ਵਿੱਚ ਇਸਦੀ ਮਦਦ ਕਰਨਗੇ ਅਤੇ ਵਿਸ਼ਵ ਯੁੱਧ 1 ਤੋਂ ਬਾਅਦ ਦੇ ਦੌਰ ਵਿੱਚ ਆਪਣਾ ਅਖਬਾਰ ਪ੍ਰਕਾਸ਼ਿਤ ਕਰਨਗੇ। ਸ਼ੁਰੂਆਤੀ ਅੰਦੋਲਨ ਕ੍ਰਾਂਤੀਕਾਰੀਆਂ ਦੁਆਰਾ ਬਣਾਇਆ ਗਿਆ ਸੀ ਜੋ ਸੰਯੁਕਤ ਰਾਜ ਅਤੇ ਕੈਨੇਡਾ ਦੇ ਪੱਛਮੀ ਤੱਟ 'ਤੇ ਰਹਿੰਦੇ ਅਤੇ ਕੰਮ ਕਰਦੇ ਸਨ, ਪਰ ਬਾਅਦ ਵਿੱਚ ਇਹ ਅੰਦੋਲਨ ਭਾਰਤ ਅਤੇ ਦੁਨੀਆ ਭਰ ਦੇ ਭਾਰਤੀ ਡਾਇਸਪੋਰਿਕ ਭਾਈਚਾਰਿਆਂ ਵਿੱਚ ਫੈਲ ਗਿਆ। ਅਧਿਕਾਰਤ ਸਥਾਪਨਾ 15 ਜੁਲਾਈ 1913 ਨੂੰ ਅਸਟੋਰੀਆ, ਓਰੇਗਨ ਵਿੱਚ ਇੱਕ ਮੀਟਿੰਗ ਵਿੱਚ ਕੀਤੀ ਗਈ ਸੀ, ਅਤੇ ਇਹ ਸਮੂਹ ਪਹਿਲੀ ਵਾਰ 1914 ਵਿੱਚ ਦੋ ਧੜਿਆਂ ਵਿੱਚ ਵੰਡਿਆ ਜਾਵੇਗਾ, ਜਿਸ ਵਿੱਚ ਸਿੱਖ ਬਹੁਗਿਣਤੀ ਵਾਲੇ ਧੜੇ ਨੂੰ "ਆਜ਼ਾਦ ਪੰਜਾਬ ਗ਼ਦਰ" ਵਜੋਂ ਜਾਣਿਆ ਜਾਂਦਾ ਹੈ ਅਤੇ ਹਿੰਦੂ- ਬਹੁਗਿਣਤੀ ਧੜੇ ਨੂੰ "ਹਿੰਦੁਸਤਾਨ ਗ਼ਦਰ" ਵਜੋਂ ਜਾਣਿਆ ਜਾਂਦਾ ਹੈ। ਅਜ਼ਾਦ ਪੰਜਾਬ ਗ਼ਦਰ ਪਾਰਟੀ ਦਾ ਮੁੱਖ ਦਫਤਰ ਅਤੇ ਬਸਤੀਵਾਦ ਵਿਰੋਧੀ ਅਖਬਾਰ ਪ੍ਰਕਾਸ਼ਨ ਦਾ ਮੁੱਖ ਦਫਤਰ ਸਟਾਕਟਨ, ਕੈਲੀਫੋਰਨੀਆ ਸਥਿਤ ਸਟਾਕਟਨ ਗੁਰਦੁਆਰੇ ਵਿੱਚ ਹੀ ਰਹੇਗਾ, ਜਦੋਂ ਕਿ ਹਿੰਦੁਸਤਾਨ ਗ਼ਦਰ ਪਾਰਟੀ ਦਾ ਹੈੱਡਕੁਆਰਟਰ ਅਤੇ ਹਿੰਦੁਸਤਾਨ ਗ਼ਦਰ ਅਖਬਾਰ ਸਾਨਫਰਾਂਸਿਸਕੋ ਦੇ ਇੱਕ ਉਪਨਗਰ, ਨੇੜਲੇ ਓਕਲੈਂਡ ਵਿੱਚ ਸਥਿਤ ਹੋਵੇਗਾ। ਕੈਲੀਫੋਰਨੀਆ।

1914 ਵਿੱਚ ਪਹਿਲੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਤੋਂ ਬਾਅਦ, ਗ਼ਦਰ ਪਾਰਟੀ ਦੇ ਕੁਝ ਮੈਂਬਰ ਭਾਰਤ ਦੀ ਆਜ਼ਾਦੀ ਲਈ ਹਥਿਆਰਬੰਦ ਇਨਕਲਾਬ ਨੂੰ ਭੜਕਾਉਣ ਲਈ ਪੰਜਾਬ ਵਾਪਸ ਪਰਤੇ। ਗ਼ਦਰੀਆਂ ਨੇ ਭਾਰਤ ਵਿੱਚ ਹਥਿਆਰਾਂ ਦੀ ਤਸਕਰੀ ਕੀਤੀ ਅਤੇ ਭਾਰਤੀ ਫੌਜਾਂ ਨੂੰ ਅੰਗਰੇਜ਼ਾਂ ਵਿਰੁੱਧ ਬਗਾਵਤ ਕਰਨ ਲਈ ਉਕਸਾਇਆ। ਗ਼ਦਰ ਵਿਦਰੋਹ ਵਜੋਂ ਜਾਣਿਆ ਜਾਂਦਾ ਇਹ ਵਿਦਰੋਹ ਅਸਫਲ ਰਿਹਾ ਅਤੇ ਲਾਹੌਰ ਸਾਜ਼ਿਸ਼ ਕੇਸ ਦੇ ਮੁਕੱਦਮੇ ਤੋਂ ਬਾਅਦ 42 ਵਿਦਰੋਹੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। 1914 ਤੋਂ 1917 ਤੱਕ ਗ਼ਦਰੀਆਂ ਨੇ ਜਰਮਨੀ ਅਤੇ ਓਟੋਮਨ ਤੁਰਕੀ ਦੇ ਸਮਰਥਨ ਨਾਲ ਭੂਮੀਗਤ-ਬਸਤੀਵਾਦ ਵਿਰੋਧੀ ਕਾਰਵਾਈਆਂ ਜਾਰੀ ਰੱਖੀਆਂ, ਜਿਸ ਨੂੰ ਹਿੰਦੂ-ਜਰਮਨ ਸਾਜ਼ਿਸ਼ ਵਜੋਂ ਜਾਣਿਆ ਜਾਂਦਾ ਹੈ, ਜਿਸ ਕਾਰਨ 1917 ਵਿੱਚ ਸੈਨ ਫਰਾਂਸਿਸਕੋ ਵਿੱਚ ਇੱਕ ਸਨਸਨੀਖੇਜ਼ ਮੁਕੱਦਮਾ ਚਲਾਇਆ ਗਿਆ।

ਯੁੱਧ ਦੇ ਸਿੱਟੇ ਤੋਂ ਬਾਅਦ, ਸੰਯੁਕਤ ਰਾਜ ਵਿੱਚ ਪਾਰਟੀ ਇੱਕ ਕਮਿਊਨਿਸਟ ਅਤੇ ਇੱਕ ਭਾਰਤੀ ਸਮਾਜਵਾਦੀ ਧੜੇ ਵਿੱਚ ਟੁੱਟ ਗਈ। ਪਾਰਟੀ ਨੂੰ ਰਸਮੀ ਤੌਰ 'ਤੇ 1948 ਵਿਚ ਭੰਗ ਕਰ ਦਿੱਤਾ ਗਿਆ ਸੀ। ਗ਼ਦਰ ਲਹਿਰ ਦੇ ਮੁੱਖ ਭਾਗੀਦਾਰਾਂ ਵਿੱਚ ਕੇ. ਬੀ. ਮੈਨਨ, ਸੋਹਣ ਸਿੰਘ ਭਕਨਾ, ਮੇਵਾ ਸਿੰਘ ਲੋਪੋਕੇ, ਕੇਸਰ ਸਿੰਘ (ਉਪ-ਪ੍ਰਧਾਨ), ਬਾਬਾ ਜਵਾਲਾ ਸਿੰਘ (ਉਪ-ਪ੍ਰਧਾਨ), ਬਲਵੰਤ ਸਿੰਘ, ਸੰਤੋਖ ਸਿੰਘ, ਭਾਈ ਪਰਮਾਨੰਦ, ਵਿਸ਼ਨੂੰ ਗਣੇਸ਼ ਪਿੰਗਲੇ, ਸੋਹਣ ਸਿੰਘ ਭਕਨਾ, ਭਗਵਾਨ ਸਿੰਘ ਗਿਆਨੀ, ਹਰ ਦਿਆਲ, ਤਾਰਕ ਨਾਥ ਦਾਸ, ਭਗਤ ਸਿੰਘ ਥਿੰਦ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਅਬਦੁਲ ਹਫੀਜ਼ ਮੁਹੰਮਦ ਬਰਕਤੁੱਲਾ, ਰਾਏ ਨਵਾਬ ਖਾਨ, ਰਾਸ਼ਬਿਹਾਰੀ ਬੋਸ, ਗੁਲਾਬ ਕੌਰ ਸ਼ਾਮਲ ਸਨ। ਹਾਲਾਂਕਿ ਬ੍ਰਿਟਿਸ਼ ਰਾਜ ਨੂੰ ਉਖਾੜ ਸੁੱਟਣ ਦੀਆਂ ਇਸ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਸਨ, ਪਰ ਗ਼ਦਰ ਪਾਰਟੀ ਦੇ ਵਿਦਰੋਹੀ ਆਦਰਸ਼ਾਂ ਨੇ ਗਾਂਧੀਵਾਦੀ ਅਹਿੰਸਾ ਦਾ ਵਿਰੋਧ ਕਰਨ ਵਾਲੇ ਭਾਰਤੀ ਸੁਤੰਤਰਤਾ ਅੰਦੋਲਨ ਦੇ ਮੈਂਬਰਾਂ ਨੂੰ ਪ੍ਰਭਾਵਿਤ ਕੀਤਾ। ਹੋਰ ਕ੍ਰਾਂਤੀਕਾਰੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਵੈਨਕੂਵਰ ਵਿਖੇ "ਸਵਦੇਸ਼ ਸੇਵਕ ਘਰ" ਅਤੇ ਸਿਆਟਲ ਵਿਖੇ ਯੂਨਾਈਟਿਡ ਇੰਡੀਆ ਹਾਊਸ ਦੀ ਸਥਾਪਨਾ ਕੀਤੀ ਗਈ।

ਸ਼ਬਦ ਉਤਪਤੀ

ਗ਼ਦਰ ਅਰਬੀ ਤੋਂ ਬਣਿਆ ਉਰਦੂ ਸ਼ਬਦ ਹੈ ਜਿਸਦਾ ਅਰਥ ਹੈ-ਬਗਾਵਤ ਜਾਂ ਵਿਦਰੋਹ। ਜਿਵੇਂ ਕਿ ਪਾਰਟੀ ਦੇ ਸੰਸਥਾਪਕਾਂ ਵਿਚੋਂ ਇਕ, ਕਰਤਾਰ ਸਿੰਘ ਸਰਾਭਾ ਨੇ ਗ਼ਦਰ ਅਖਬਾਰ ਦੇ ਪਹਿਲੇ ਅੰਕ ਵਿੱਚ ਲਿਖਿਆ ਸੀ: “ਅੱਜ ਵਿਦੇਸ਼ੀ ਧਰਤੀ ਤੇ ‘ਗ਼ਦਰ’ ਸ਼ੁਰੂ ਹੁੰਦਾ ਹੈ, ਪਰ ਸਾਡੇ ਦੇਸ਼ ਦੀ ਜ਼ਬਾਨ ਵਿਚ, ਬ੍ਰਿਟਿਸ਼ ਰਾਜ ਵਿਰੁੱਧ ਲੜਾਈ। ਸਾਡਾ ਨਾਂ ਕੀ ਹੈ? ਗ਼ਦਰ। ਸਾਡਾ ਕੰਮ ਕੀ ਹੈ? ਗ਼ਦਰ। ਇਨਕਲਾਬ ਕਿੱਥੇ ਹੋਏਗਾ? ਭਾਰਤ ਵਿਚ। ਉਹ ਸਮਾਂ ਜਲਦੀ ਆਵੇਗਾ ਜਦੋਂ ਰਾਈਫਲਾਂ ਅਤੇ ਖੂਨ ਕਲਮਾਂ ਅਤੇ ਸਿਆਹੀ ਦੀ ਜਗ੍ਹਾ ਲੈਣਗੇ। ਸੰਸਥਾ ਦਾ ਨਾਮ ਮੁੱਖ ਤੌਰ ਤੇ ਇਸਦੇ ਮੈਂਬਰਾਂ ਦੁਆਰਾ "ਗ਼ਦਰ ਪਾਰਟੀ" ਦਿੱਤਾ ਗਿਆ ਸੀ।

ਗ਼ਦਰ ਲਹਿਰ ਦੀਆਂ ਖਾਸੀਅਤਾਂ

ਇਨਕਲਾਬੀ ਸਿਆਸਤ

ਗ਼ਦਰ ਲਹਿਰ ਇੱਕ ਅਜਿਹੀ ਲਹਿਰ ਸੀ ਜਿਸ ਨੇ ਪਹਿਲੀ ਵਾਰ ਅੰਗਰੇਜ਼ ਸਾਮਰਾਜ ਸਾਹਮਣੇ ਇਨਕਲਾਬੀ ਸਿਆਸੀ ਬਦਲ ਪੇਸ਼ ਕੀਤਾ। ਇਸ ਨੇ ਅੰਗਰੇਜ਼ ਸਾਮਰਾਜ ਨੂੰ ਬਦਲਣ ਅਤੇ ਲੋਕ-ਪੱਖੀ ਨਿਜ਼ਾਮ ਤੇ ਭਵਿੱਖ ਨੂੰ ਸਿਰਜਣ ਦਾ ਸੁਪਨਾ ਸਾਹਮਣੇ ਲਿਆਂਦਾ। ਇਸ ਸੁਪਨੇ ਨੂੰ ਸੰਪੂਰਨ ਕਰਨ ਲਈ ਗ਼ਦਰੀਆਂ ਨੇ ਸਿਆਸੀ ਪਾਰਟੀ ਦੀ ਉਸਾਰੀ ਤੇ ਸਿਆਸਤ ਦੀ ਮਹੱਤਤਾ ਨੂੰ ਸਮਝਿਆ। ਗ਼ਦਰੀਆਂ ਦੀ ਇਸ ਸਮਝ ਨੇ ਉਹਨਾਂ ਨੂੰ ਗੁਲਾਮੀ ਦਾ ਤੀਬਰ ਅਹਿਸਾਸ ਕਰਵਾਇਆ ਤੇ ਆਜ਼ਾਦੀ ਲਈ ਸਿਆਸੀ ਚੇਤਨਾ ਦੀ ਜ਼ਰੂਰਤ ਵੱਲ ਜ਼ੋਰ ਦੇਣ ਦੇ ਰਾਹ ਤੋਰਿਆ|ਗ਼ਦਰ ਪਾਰਟੀ ਵੱਲੋਂ ਭਾਰਤ ਵਿੱਚ ਰੂਸ ਵਰਗੀ ਕ੍ਰਾਂਤੀ ਲਿਆਉਣ ਦਾ ਆਪਣਾ ਨਿਸ਼ਾਨਾ ਮਿਥਿਆ ਅਤੇ ਰੂਸੀ ਇਨਕਲਾਬ ਦੇ ਸਿਧਾਂਤ ਨੂੰ ਸਮਝਣ ਅਤੇ ਅਧਿਐਨ ਕਰਨ ਦਾ ਫੈਸਲਾ ਲਿਆ।ਗ਼ਦਰ ਪਾਰਟੀ ਨੇ ਭਾਰਤ ਵਿੱਚ ਗ਼ਦਰ ਕਰਕੇ ਅੰਗਰੇਜ਼ਾਂ ਦਾ ਤਖਤਾ ਪਲਟ ਦੇਣ ਦੀ ਕੋਸ਼ਿਸ਼ ਕੀਤੀ ਉਹ ਕੋਸ਼ਿਸ਼ ਅਸਫਲ ਰਹੀ। ਪਰ ਇਸ ਉਪਰਾਲੇ ਨੇ ਪੰਜਾਬ ਦੀ ਮਾਨਸਿਕਤਾ ਵਿਚ ਅਜਿਹਾ ਖਮੀਰ ਪੈਦਾ ਕੀਤਾ ਜਿਸ ’ਚੋਂ ਰੌਲਟ ਐਕਟ ਵਿਰੋਧੀ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਮੁਜ਼ਾਰਾ ਅੰਦੋਲਨ ਅਤੇ ਹੋਰ ਕਈ ਕਿਸਾਨ ਤੇ ਮਜ਼ਦੂਰ ਅੰਦੋਲਨ ਪੈਦਾ ਹੋਏ। ਗ਼ਦਰੀਆਂ ਵਿੱਚ ਬਹੁ-ਗਿਣਤੀ ਸਿੱਖਾਂ ਦੀ ਹੀ ਸੀ। ਇਸ ਨੁਕਤੇ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਗ਼ਦਰੀਆਂ ਦੀ ਸਿਆਸਤ ਨੂੰ ਸਮਝਿਆ ਜਾਵੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤੇ ਗ਼ਦਰੀ ਪੰਜਾਬੀ, ਸਿੱਖ, ਅੰਮ੍ਰਿਤਧਾਰੀ, ਜੱਟ-ਸਿੱਖ, ਨਾਮਕੱਟੇ ਫੌਜੀ, ਕਿਸਾਨ ਆਦਿ ਸਨ ਤੇ ਇਸ ਲਹਿਰ ਦਾ ਮੋਢੀ ਸੀ। ਬਾਬਾ ਸੋਹਣ ਸਿੰਘ ਭਕਨਾ ਜੋ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਸੀ।

ਸਾਮਰਾਜੀ ਲੁੱਟ ਤੋਂ ਤੰਗ

ਗ਼ਦਰੀ ਆਪਣੇ ਮੁਲਕ ਦੀ ਸਾਮਰਾਜੀ ਲੁੱਟ ਤੋਂ ਤੰਗ ਆ ਕੇ ਪਰਦੇਸੀਂ ਗਏ ਸਨ। ਆਪਣੇ ਘਰ ਦੀ ਘੋਰ ਗਰੀਬੀ ਤੇ ਪਰਦੇਸ ਵਿਚਲੇ ਨਸਲਵਾਦ ਨੇ ਉਹਨਾਂ ਨੂੰ ਦੂਹਰੀ ਗੁਲਾਮੀ ਦਾ ਅਹਿਸਾਸ ਕਰਵਾਇਆ ਸੀ। ਇਸ ਦੂਹਰੀ ਗੁਲਾਮੀ ਨੂੰ ਖ਼ਤਮ ਕਰਨ ਲਈ ਉਹਨਾਂ ਨੇ ਸਿਰ ਤਲੀ ’ਤੇ ਰੱਖੇ ਸਨ। ਉਹ ਮੌਤ ਤੋਂ ਬੇਪਰਵਾਹ ਹੋ ਕੇ ਇਨਕਲਾਬੀ ਸਿਆਸਤ ਦੇ ਮੈਦਾਨ ਵਿੱਚ ਕੁੱਦੇ ਸਨ। ਇਸ ਸਿਆਸਤ ਵਿੱਚੋਂ ਹੀ ‘ਹਿੰਦੀ ਐਸੋਸੀਏਸ਼ਨ ਆਫ਼ ਪੈਸੇਫਿਕ ਕੋਸਟ’ ਨਾਂ ਦੀ ਜਥੇਬੰਦੀ ਦਾ ਜਨਮ ਹੋਇਆ ਸੀ। ਇਸ ਜਥੇਬੰਦੀ ਨੇ ਆਪਣੇ ਸਿਆਸੀ ਵਿਚਾਰਾਂ ਨੂੰ ਫੈਲਾਉਣ ਲਈ ‘ਗ਼ਦਰ’ ਅਖ਼ਬਾਰ ਦੀ ਪ੍ਰਕਾਸ਼ਨਾ ਕੀਤੀ ਸੀ। ਇਸ ਅਖ਼ਬਾਰ ਦੇ ਨਾਂ ’ਤੇ ਹੀ ‘ਗ਼ਦਰ ਪਾਰਟੀ’ ਦਾ ਨਾਂ ਪ੍ਰਚੱਲਿਤ ਹੋ ਗਿਆ ਸੀ।

ਗ਼ਦਰ ਪਾਰਟੀ ਧਰਨਿਰਪੱਖ ਸੀ

ਗ਼ਦਰੀਆਂ ਦੀ ਸਿਆਸਤ ਉਹਨਾਂ ਦੇ ਹੱਕ ਵਿੱਚ ਭੁਗਤਦੀ ਸੀ ਜੋ ਕਿਰਤ ਕਰਦੇ ਸਨ ਤੇ ਵੰਡ ਕੇ ਛਕਦੇ ਸਨ। ਇਹ ਧਰਮ ਨਿਰਪੱਖ ਪਰਟੀ ਸੀ ਤੇ ਇਸ ਵਿੱਚ ਹਰੇਕ ਧਰਮ ਦੇ ਲੋਕ ਸਾਮਲ ਸਨ। ਇਸ ਪਾਰਟੀ ਦਾ ਵਿਚਾਰ ਸੀ ਕਿ ਧਰਮ ਇੱਕ ਨਿੱਜੀ ਮਸਲਾ ਹੈ। ਪਾਰਟੀ ਦੇ ਪਹਿਲੇ ਜਨਰਲ ਸਕੱਤਰ ਬਾਬਾ ਸੋਹਣ ਸਿੰਘ ਭਕਨਾ ਜੀ, ਖ਼ਜ਼ਾਨਚੀ ਪੰਡਤ ਕਾਸ਼ੀ ਰਾਮ ਜੀ ਅਤੇ ਆਰਗੇਨਾਈਜ਼ਿੰਗ ਸਕੱਤਰ ਕਰੀਮ ਬਖ਼ਸ਼ ਤੇ ਮੁਨਸ਼ੀ ਰਾਮ ਜੀ ਸਨ।

ਕਿਰਤੀ ਲੋਕਾਂ ਦੀ ਲਹਿਰ

ਹੁਣ ਇਹ ਯਰਕਾਊ ਅਤਿਵਾਦੀ ਸਿਆਸਤ ਨੂੰ ਤਿਲਾਂਜਲੀ ਦੇ ਕੇ ਇਨਕਲਾਬੀ ਸਿਆਸਤ ਰਾਹੀਂ ਸਮਾਜ ਦੀ ਬੁਨਿਆਦੀ ਤਬਦੀਲੀ ਵੱਲ ਅਗਰਸਰ ਹੋ ਗਈ ਸੀ। ਪਾਰਟੀ ਲੀਡਰਾਂ ਨੇ ਅੰਨ੍ਹੇ ਜਜ਼ਬੇ ਨੂੰ ਤਿਆਗ ਕੇ ਆਤਮ ਸ਼ਕਤੀ ਨੂੰ ਪਛਾਣਦਿਆਂ ਕਿਰਤੀ ਲੋਕਾਂ ਦੇ ਸੰਗਠਨ ਨੂੰ ਪ੍ਰਮੁੱਖਤਾ ਦੇਣੀ ਸ਼ੁਰੂ ਕਰ ਦਿੱਤੀ ਸੀ। ਗ਼ਦਰੀ ਸਿਆਸਤ ਨੇ ਕਿਰਤੀ-ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਆਪਣੀ ਸਿਆਸਤ ਦੀਆਂ ਵਾਗਾਂ ਸਮਾਜਵਾਦੀ ਇਨਕਲਾਬ ਵੱਲ ਮੋੜ ਲਈਆਂ ਸਨ। ਹੁਣ ਗ਼ਦਰੀਆਂ ਨੂੰ ਸਮਝ ਆ ਚੁੱਕੀ ਸੀ ਕਿ ਦੁਸ਼ਮਣ ਕੇਵਲ ਅੰਗਰੇਜ਼ ਸਾਮਰਾਜ ਹੀ ਨਹੀਂ ਹੈ ਬਲਕਿ ਦੇਸ਼ ਵਿਚਲੇ ਸਰਮਾਏਦਾਰ, ਸ਼ਾਹੂਕਾਰ, ਰਜਵਾੜੇ ਆਦਿ ਵੀ ਕਿਰਤੀਆਂ ਤੇ ਕਿਸਾਨਾਂ ਦੇ ਦੁਸ਼ਮਣ ਹਨ। ਗ਼ਦਰੀਆਂ ਦੀ ਸਿਆਸਤ ਵਿੱਚ ਆਈ ਇਸ ਤਬਦੀਲੀ ਦੇ ਸਿੱਟੇ ਵਜੋਂ ਇਸ ਦਾ ਵਿਚਾਰਧਾਰਕ ਵਿਰੋਧ ਕਾਂਗਰਸ ਨਾਲ ਪੈਦਾ ਹੁੰਦਾ ਹੈ। ਗ਼ਦਰੀ ਸਿਆਸਤ ਤਤਕਾਲੀਨ ਕਾਂਗਰਸ ਪਾਰਟੀ ਨੂੰ ਧਨੀ ਲੋਕਾਂ ਦਾ ਟੋਲਾ ਕਹਿੰਦੀ ਹੈ|

ਗ਼ਦਰੀ ਕਵਿਤਾ

ਗ਼ਦਰੀ ਕਵਿਤਾ ਦੀਆਂ ਇਹ ਸਤ੍ਹਰਾਂ ਗ਼ਦਰੀ ਸਿਆਸਤ ਦੇ ਪੂਰਨ ਸਵਰਾਜ ਦੀ ਸੁਤੰਤਰਤਾ ਤੋਂ ਸਮਾਜਵਾਦੀ ਸਿਆਸਤ ਵੱਲ ਵਧਣ ਦੀਆਂ ਪ੍ਰਤੀਕ ਹਨ। ਹੁਣ ਇਹ ਲਹਿਰ ਕਿਰਤੀ-ਕਿਸਾਨਾਂ ਨੂੰ ‘ਪੰਚਾਇਤੀ ਰਾਜ’ ਸਥਾਪਤ ਕਰਨ ਲਈ ਚੇਤਨ ਕਰਨ ਲੱਗੀ ਸੀ। ਹੁਣ ਇਸ ਦੇ ਦੁਸ਼ਮਣ ਅੰਗਰੇਜ਼ ਹਾਕਮਾਂ ਦੇ ਨਾਲ-ਨਾਲ ਸਾਮਰਾਜ ਦੇ ਦਲਾਲ ਸਰਮਾਏਦਾਰ ਵੀ ਸਨ। ਗ਼ਦਰੀ ਸਿਆਸਤ ਅੰਦਰੂਨੀ ਤੇ ਬਹਿਰੂਨੀ ਦੁਸ਼ਮਣਾਂ ਦਾ ਸਫ਼ਾਇਆ ਕਰਕੇ ਸਹੀ ਮਾਅਨਿਆਂ ਵਿੱਚ ਪੰਚਾਇਤੀ ਲੋਕ ਰਾਜ ਸਥਾਪਤ ਕਰਨ ਦੀ ਚਾਹਵਾਨ ਸੀ। ਗ਼ਦਰੀ ਜਾਣਦੇ ਸਨ ਕਿ ਇਸ ਸੁਪਨੇ ਦੀ ਪੂਰਤੀ ਕੇਵਲ ਗੱਲਾਂ ਕਰਕੇ ਹੀ ਸੰਭਵ ਨਹੀਂ ਹੋ ਸਕਣੀ ਸਗੋਂ ਲੋਕਪੱਖੀ ਸਿਆਸਤ ਨੂੰ ਅਮਲ ਵਿੱਚ ਢਾਲ ਕੇ ਹੀ ਸੰਭਵ ਹੋ ਸਕਦੀ ਹੈ। ਇਹ ਸਿਆਸਤ ਸਿਰ ਦੀ ਮੰਗ ਕਰਦੀ ਹੈ। ਗ਼ਦਰੀ ਸਿਰ ਦੀ ਬਾਜ਼ੀ ਲਾਉਣ ਤੋਂ ਕਦੇ ਪਿੱਛੇ ਨਾ ਹਟੇ। ਉਹ ਆਪਣੇ ਸੱਚੇ-ਸੁੱਚੇ ਕਿਰਦਾਰ, ਕੁਰਬਾਨੀ ਤੇ ਸਿਦਕਦਿਲੀ ਕਰਕੇ ਅੱਜ ਵੀ ਯਾਦ ਕੀਤੇ ਜਾਂਦੇ ਹਨ।

ਕਵਿਤਾ

( ਇਹ ਕਵਿਤਾ 10 ਮਾਰਚ 1914 ਦੇ ਗ਼ਦਰ ਦੇ ਅੰਕ ਸਫਾ 113 ਵਿੱਚ ਛਪੀ ਸੀ।)

ਗ਼ਦਰੀ ਮੈਂਬਰ

  • ਕਰਤਾਰ ਸਿੰਘ ਸਰਾਭਾ
  • ਸੋਹਣ ਸਿੰਘ ਭਕਨਾ
  • ਸੋਹਨ ਲਾਲ ਪਾਠਕ
  • ਭਗਤ ਸਿੰਘ ਬਿਲਗਾ
  • ਹਰਨਾਮ ਸਿੰਘ ਕਾਲਾ ਸੰਘਿਆਂ
  • ਬਾਬਾ ਗੁਰਮੁੱਖ ਸਿੰਘ ਲਲਤੋਂ
  • ਤੇਜਾ ਸਿੰਘ ਸੁਤੰਤਰ
  • ਹਰੀ ਸਿੰਘ ਉਸਮਾਨ
  • ਹਰਨਾਮ ਸਿੰਘ ਟੁੰਡੀਲਾਟ
  • ਬਾਬਾ ਭਗਵਾਨ ਸਿੰਘ ਦੁਸਾਂਝ
  • ਮੌਲਵੀ ਬਰਕਤਉੱਲਾ
  • ਬਾਬਾ ਵਸਾਖਾ ਸਿੰਘ ਦਦੇਹਰ
  • ਹਰਨਾਮ ਸਿੰਘ ਕਾਹਿਰਾ ਸਹਿਰਾ'
  • ਹਰਨਾਮ ਸਿੰਘ ਸੈਣੀ
  • ਲਾਲਾ ਹਰਦਿਆਲ
  • ਤਾਰਕਨਾਥ ਦਾਸ
  • ਪਾਂਡੂਰੰਗ ਸਦਾਸ਼ਿਵ ਖਾਨਖੋਜੇ
  • ਗੰਡਾ ਸਿੰਘ
  • ਵੀ ਜੀ ਪਿੰਗਲੇ
  • ਭਾਈ ਰਣਧੀਰ ਸਿੰਘ
  • ਮੁਨਸ਼ਾ ਸਿੰਘ ਦੁਖੀ
  • ਕਰੀਮ ਬਖਸ਼
  • ਹਰਿਕਿਸ਼ਨ ਤਲਵਾੜ
  • ਮਾ. ਊਧਮ ਸਿੰਘ ਕਸੇਲ
  • ਬਾਬਾ ਦੁੱਲਾ ਸਿੰਘ ਜਲਾਲਦੀਵਾਲ
  • ਬਾਬਾ ਚੂਹੜ ਸਿੰਘ ਲੀਲ੍ਹ
  • ਬਾਬਾ ਜਵਾਲਾ ਸਿੰਘ
  • ਬਾਬਾ ਠਾਕਰ ਸਿੰਘ
  • ਬਾਬਾ ਹਜ਼ਾਰਾ ਸਿੰਘ
  • ਬਾਬਾ ਉਜਾਗਰ ਸਿੰਘ
  • ਬਾਬਾ ਲਾਲ ਸਿੰਘ ਸਾਹਿਬਆਣਾ
  • ਪੰਡਿਤ ਕਾਂਸੀ ਰਾਮ
  • ਰਹਿਮਤ ਅਲੀ
  • ਸੱਜਣ ਸਿੰਘ
  • ਚਤਰ ਸਿਂਘ ਆਹਲੂਵਾਲੀਆ ਜੇਠੂਵਾਲ

ਇਨ੍ਹਾਂ ਗ਼ਦਰੀ ਸਿਆਸਤਦਾਨ ਹਨ ਜਿਹਨਾਂ ਦੇ ਪਰਸੁਆਰਥ ਤੇ ਤਿਆਗਮਈ ਜੀਵਨ ਤੋਂ ਅਜੋਕੀ ਅਗਾਂਹਵਧੂ ਸਿਆਸਤ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ। ਜਦੋਂ ਅਸੀਂ ਖੱਬੇ-ਪੱਖੀ ਸਿਆਸਤ ਦੀ ਇਤਿਹਾਸਕ ਗਤੀਸ਼ੀਲਤਾ ’ਤੇ ਨਜ਼ਰ ਮਾਰਦੇ ਹਾਂ ਤਾਂ ਨਤੀਜੇ ਨਿਰਾਸ਼ਾਜਨਕ ਹੀ ਨਿਕਲਦੇ ਹਨ।

ਗ਼ਦਰੀ ਸਿਆਸਤ

ਗ਼ਦਰੀ ਸਿਆਸਤ ਦੀ ਵਿਰਾਸਤ ਨੂੰ ਅਗਾਂਹ ਲੈ ਜਾਣ ਵਾਲੀ ਸਿਆਸਤ ਉਹ ਸਿੱਟੇ ਨਾ ਕੱਢ ਸਕੀ ਜੋ ਗ਼ਦਰੀਆਂ ਨੇ ਕਦੇ ਸੋਚੇ ਸਨ। ਅਜੋਕੇ ਵਿਸ਼ਵੀਕਰਨ ਦੇ ਦੌਰ ਵਿੱਚ ਜਦੋਂ ਹਿੰਦੁਸਤਾਨ ਇੱਕ ਵਾਰ ਫੇਰ ਨਵ-ਸਾਮਰਾਜੀ ਨੀਤੀਆਂ ਵਿੱਚ ਬੁਰੀ ਤਰ੍ਹਾਂ ਫਸ ਚੁੱਕਾ ਹੈ, ਇਸ ਵੇਲੇ ਭਾਰਤ ਦੀ ਲੋਕ-ਪੱਖੀ ਸਿਆਸਤ ਪੂਰੀ ਤਰ੍ਹਾਂ ਹਾਸ਼ੀਏ ’ਤੇ ਚਲੀ ਗਈ ਹੈ। ਅੱਜ ਜਦੋਂ ਪੂਰੀ ਦੁਨੀਆ ਵਿੱਚ ਪੂੰਜੀਵਾਦੀ ਸੰਕਟ ਦੇ ਸਿੱਟੇ ਵਜੋਂ ਲੋਕ-ਪੱਖੀ ਸਿਆਸਤ ਦੇ ਉਭਾਰ ਲਈ ਜ਼ਮੀਨ ਤਿਆਰ ਹੋ ਰਹੀ ਹੈ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਹਿੰਦੁਸਤਾਨ ਦੀ ‘ਲੋਕ-ਪੱਖੀ’ ਸਿਆਸਤ ਲੋਕਾਂ ਤੋਂ ਦੂਰ ਹੋ ਕੇ ਕਿਉਂ ਖੜੀ ਹੈ। ਅਨੇਕਾਂ ਧੜਿਆਂ ਵਿੱਚ ਵੰਡੀ ਲੋਕ-ਪੱਖੀ ਸਿਆਸਤ ਗ਼ਦਰੀਆਂ ਦੀ ਸਿਆਸਤ ਤੋਂ ਕੋਈ ਸਾਰਥਕ ਸਬਕ ਨਾ ਸਿੱਖਦੀ ਨਜ਼ਰ ਆ ਰਹੀ ਹੈ। ਲੋਕ-ਪੱਖੀ ਸਿਆਸਤ ਦੀ ਲਗਪਗ ਅਣਹੋਂਦ ਵਰਗੀ ਸਥਿਤੀ ਵੇਖ ਕੇ ਤਾਂ ਲੱਗਦਾ ਹੈ ਕਿ ਗ਼ਦਰੀਆਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਗ਼ਦਰ ਲਹਿਰ ਦੀਆਂ ਅਜੇ ਕਈ ਹੋਰ ਜਨਮ-ਸ਼ਤਾਬਦੀਆਂ ਦੀ ਲੋੜ ਪਵੇਗੀ।ਅਜੋਕੇ ਸਮੇਂ ਗ਼ਦਰੀ ਵਿਰਾਸਤ ਦੇ ਅਹਿਮ ਮੁੱਲਾਂ ਨੂੰ ਬਦਲਵੀਂ ਸਿਆਸਤ ਦੇ ਰੂਪ ਵਿੱਚ ਵਿਕਸਤ ਕਰਨ ਲਈ ਪ੍ਰੇਰਨਾ ਸਰੋਤ ਸਮਝਣਾ ਚਾਹੀਦਾ ਹੈ। ਇਹ ਕਿਸੇ ਵੀ ਸਮਾਜ ਦੇ ਗ਼ਲਬੇ ਨੂੰ ਪਰ੍ਹੇ ਕਰਨ ਲਈ ਸੰਘਰਸ਼ ਦੀ ਕਾਮਯਾਬੀ ਲਈ ਜ਼ਰੂਰੀ ਹੈ। ਹਰ ਸਮੇਂ ਲੋਕਾਂ ਦੀ ਤਾਕਤ ਨੂੰ ਸੰਘਰਸ਼ਾਂ ਵਿੱਚ ਇਨਕਲਾਬੀ ਚੇਤਨਤਾ ਦਾ ਰੰਗ ਚਾੜ੍ਹਨ ਤੋਂ ਉੱਪਰ ਉੱਠ ਕੇ ਬਦਲਵੀਂ ਰਾਜਨੀਤੀ ਦਾ ਨਕਸ਼ਾ ਲੋਕਾਂ ਦੇ ਸਨਮੁੱਖ ਰੱਖਣਾ ਜ਼ਰੂਰੀ ਹੁੰਦਾ ਹੈ। ਗ਼ਦਰੀ ਬਾਬਿਆਂ ਨੇ ਜਿਵੇਂ ਆਪਣੇ ਟੀਚਿਆਂ ਵਿੱਚ ਰੱਖਿਆ ਸੀ ਅਤੇ ਬਾਅਦ ਵਿੱਚ ਭਗਤ ਸਿੰਘ ਹੋਰਾਂ ਨੇ ਸਮਾਜ ਦੀ ਕਾਇਆ-ਕਲਪ ਲਈ ਸਮਾਜਵਾਦੀ ਮਾਡਲ ਦਾ ਨਕਸ਼ਾ ਲੋਕਾਂ ਅੱਗੇ ਪੇਸ਼ ਕੀਤਾ ਸੀ। ਦਰਅਸਲ, ਗ਼ਦਰ ਪਾਰਟੀ ਨੇ ਗ਼ਦਰੀ ਬਾਬਿਆਂ ਵੱਲੋਂ ਮੁੱਦਿਆਂ ਉੱਪਰ ਆਧਾਰਿਤ ਹਕੀਕੀ ਰਾਜਨੀਤੀ ਪੇਸ਼ ਕਰਨ ਦਾ ਕਾਰਜ ਕੀਤਾ। ਅੱਜ ਦੇ ਸਮਾਜ ਦੇ ਹਾਲਾਤ ਦਾ ਵਿਸ਼ਲੇਸ਼ਣ ਕਰਨਾ ਅਤੇ ਇਸ ਵਿੱਚ ਸੰਘਰਸ਼ਸ਼ੀਲ ਹਿੱਸਿਆਂ ਨੂੰ ਸਵੈ-ਵਿਸ਼ਲੇਸ਼ਣ ਦੀ ਪ੍ਰਕਿਰਿਆ ਵਿੱਚ ਸ਼ਾਮਿਲ ਹੋਣਾ ਪਵੇਗਾ। ਵਾਤਾਵਰਣ ਉੱਪਰ ਅੰਦੋਲਨ, ਦਲਿਤਾਂ ਦੇ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਮਸਲਿਆਂ ਉੱਪਰ ਸੰਘਰਸ਼, ਧਾਰਮਿਕ ਤੇ ਸੱਭਿਆਚਾਰਕ ਤੌਰ ’ਤੇ ਘੱਟ ਗਿਣਤੀਆਂ ਨਾਲ ਵਿਤਕਰੇ ਦਾ ਸਵਾਲ ਆਦਿ ਕਈ ਕਿਸਮ ਦੀਆਂ ਨਵੀਆਂ ਸਮਾਜਿਕ ਲਹਿਰਾਂ ਸੰਘਰਸ਼ ਸਦਕਾ ਆਪਣਾ ਰਾਹ ਤਲਾਸ਼ਣ ਲੱਗੀਆਂ ਹਨ।

2 ਮਾਰਚ 1915

ਦੇਸ਼ ਦੀ ਅਜ਼ਾਦੀ ਵਾਸਤੇ ਚੱਲੀ ਗ਼ਦਰ ਲਹਿਰ ਦਾ ਪ੍ਰਭਾਵ ਵਿਦੇਸ਼ਾਂ ਵਿੱਚ ਵੀ ਫੌਜੀ ਪਲਟਨਾਂ ਤੇ ਪਿਆ।ਸਤੰਬਰ 1914 ਵਿੱਚ ਜਦ ਵਿਦੇਸ਼ਾਂ ਤੋਂ ਗ਼ਦਰੀ ਬਾਬੇ ਹਿੰਦ ਨੂੰ ਆਉਣ ਲੱਗੇ ਤਾਂ ਸਿੰਗਾਪੁਰ ਦੇ ਗੁਰਦੁਆਰੇ ਵਿੱਚ ਜਾ ਕੇ ਉਥੋਂ ਦੇ ਵੱਸਦੇ ਭਾਰਤੀਆਂ ਤੇ ਉਥੇ ਆਉਂਦੇ ਫੌਜੀਆਂ ਨੂੰ ਗ਼ਦਰ ਕਰਨ ਲਈ ਪ੍ਰੇਰਦੇ। ਉਥੇ ਮੁਸਲਮਾਨਾਂ ਦੀਆਂ ਪੰਜਵੀਂ ਨੇਟਿਵ ਲਾਈਟ ਬਟਾਲੀਅਨ ਤੇ ਮਲਾਇਆ ਰਿਆਸਤੀ ਗਾਇਡ ਨਾਮੀ ਪਲਟਨਾਂ ਸਨ। ਇਨਾਂ ਤੋਂ ਇਲਾਵਾ 36ਵੀਂ ਸਿੱਖ ਬਟਾਲੀਅਨ ਦੀ ਇਕ ਟੁਕੜੀ,ਤੋਪਖਾਨੇ ਦੀਆਂ ਕੁਝ ਟੁੱਕੜੀਆਂ, ਇਕ ਗੋਰਾ ਪਲਟਨ ਤੇ ਸਿੰਘਾਪੁਰ ਦੇ ਗੋਰਿਆਂ ਦੀ ਇਕ ਵੰਲਟੀਅਰ ਕੋਰ ਸੀ। ਇਹਨਾਂ ਪਲਟਨਾਂ ਵਿੱਚ ਚੇਤ ਸਿੰਘ, ਤਰਲੋਕ ਸਿੰਘ, ਸੁੰਦਰ ਸਿੰਘ ਤੇ ਹਰਨਾਮ ਸਿੰਘ ਗ਼ਦਰ ਅਖ਼ਬਾਰ ਤੇ ਹੋਰ ਸਾਹਿਤ ਵੰਡਦੇ ਸਨ। ਉਥੇ ਵਿਦਰੋਹ ਨੂੰ ਵੇਖਦਿਆਂ ਮਲਾਇਆ ਰਿਆਸਤੀ ਗਾਇਡ ਪਲਟਨ ਨੂੰ ਪੀਨਾਂਗ ਬਦਲ ਦਿੱਤਾ ਤੇ 36ਵੀਂ ਸਿੱਖ ਪਲਟਨ ਤੋਂ ਹਥਿਆਰ ਰੱਖਵਾ ਲਏ ਗਏ। ਇਸ ਦੇ ਬਾਵਜੂਦ ਪੰਜਵੀਂ ਲਾਈਟ ਪਲਟਨ ਦੇ ਜੁਝਾਰੂਆਂ ਨੇ ਫੈਸਲਾ ਕੀਤਾ, ਕਿ 15 ਫ਼ਰਵਰੀ, 1915 ਦੀ ਸ਼ਾਮ ਨੂੰ ਜਦ ਅਫਸਰਾਂ ਨੇ ਖਾਣੇ ਲਈ ਮੇਜ ਤੇ ਬੈਠਣਾ ਹੈ ,ਉਸ ਵੇਲੇ ਬਗਾਵਤ ਕਰਨੀ ਹੈ। ਅਚਾਨਕ ਉਨਾਂ ਨੂੰ 15 ਫਰਵਰੀ ਦੀ ਸਵੇਰ ਵੇਲੇ ਅਗਲੇ ਦਿਨ 16 ਨੂੰ ਹਾਂਗਕਾਂਗ ਜਾਣ ਦਾ ਹੁਕਮ ਸੁਣਾ ਦਿੱਤਾ।ਸ਼ਾਮ ਤੱਕ ਹਥਿਆਰ ਜਮਾਂ ਕਰਵਾਉਣ ਲਈ ਕਿਹਾ ਗਿਆ। ਦੁਪਹਿਰ ਸਮੇਂ ਜਦ ਉਹ ਅਸਲਾ ਜਮਾ ਕਰ ਰਹੇ ਸਨ ਤਾਂ ਮੌਕਾ ਵੇਖ ਕੇ ਉਨਾਂ ਅੰਗਰੇਜ਼ ਅਫਸਰ ਨੂੰ ਗੋਲੀ ਮਾਰ ਦਿੱਤੀ, ਫਿਰ ਹੋਈ ਇਸ ਬਗਾਵਤ ਵਿੱਚ 8 ਅੰਗਰੇਜ਼ ਅਫਸਰ,9 ਫੌਜੀ,ਇਕ ਔਰਤ ਤੇ 16 ਸ਼ਹਿਰੀ ਮਾਰੇ ਗਏ,ਬੈਰਕ ਤੇ ਕਬਜ਼ਾ ਕਰ ਲਿਆ। 17 ਫ਼ਰਵਰੀ ਨੂੰ ਅੰਗਰੇਜ਼ਾਂ ਦਾ ਹੋਰ ਜੰਗੀ ਜ਼ਹਾਜ ਪਹੁੰਚ ਗਿਆ ਜਿਸ ਦੇ ਸਿਪਾਹੀਆਂ ਨੇ ਸ਼ਾਮ ਤੱਕ 422 ਬਾਗੀ ਗਿਰਫਤਾਰ ਕਰ ਲਏ। 2 ਮਾਰਚ 1915 ਨੂੰ ਪੰਜਵੀਂ ਨੇਟਿਵ ਲਾਈਟ ਬਟਾਲੀਅਨ ਦੇ ਫੌਜੀਆਂ ਹਵਾਲਦਾਰ ਸੁਲੈਮਾਨ, ਕਸੂਲਾ, ਰੁਕਨਦੀਨ, ਇਮਤਿਆਜ਼ ਅਲੀ, ਲਾਇਸ ਨਾਇਕ ਅਬਦੁਲ ਹਜਾਰ ਤੇ ਕੁੱਝ ਹੋਰਾਂ ਨੂੰ ਮੌਤ ਦੀ ਸ਼ਜਾ ਦਿੱਤੀ ਗਈ। ਫੜੇ ਕੁਲ ਬਾਗੀਆਂ ਵਿੱਚੋਂ 41 ਨੂੰ ਕੋਰਟ ਮਾਰਸ਼ਲ ਕਰਕੇ ਗੋਲੀਆਂ ਨਾਲ ਉਡਾ ਦਿੱਤਾ ਗਿਆ। 125 ਨੂੰ ਕੈਦ ਦੀਆਂ ਸ਼ਜਾਵਾਂ ਦਿੱਤੀਆਂ ਗਈਆਂ।

ਹੋਰ ਦੇਖੋ

  1. http://www.ghadarmemorial.net/ghadarpartyhistory.htm Archived 2015-10-25 at the Wayback Machine.
  2. http://iref.homestead.com/GadarParty.html
  3. http://www.bhagatsinghthind.com/gadarcourage.html Archived 2014-04-03 at the Wayback Machine.

ਹਵਾਲੇ

ਬਾਹਰੀ ਲਿੰਕ

  • A Gallery on Gadar Party
  • Ghadar Party materials in the South Asian American Digital Archive (SAADA)
  • Ghadar: The Indian Immigrant Outrage Against Canadian Injustices 1900 - 1918 by Sukhdeep Bhoi
  • The Hindustan Ghadar Collection. The Bancroft Library, University of California, Berkeley
  • Communist Ghadar Party of India

Text submitted to CC-BY-SA license. Source: ਗ਼ਦਰ ਲਹਿਰ by Wikipedia (Historical)